ਕਨਿਸ਼ਕਾ ਬੰਬ ਕਾਂਡ
1985- ਨਿੱਝਰ ਦਾ ਕਤਲ ਅਤੇ ਕੈਨੇਡਾ-ਭਾਰਤ ਸੰਬੰਧ
Ground Zero
Jagtar Singh
ਕੈਨੇਡਾ ਦੀ
ਪਾਰਲੀਮੈਂਟ ਵੱਲੋਂ ਸਿੱਖ ਜੁਝਾਰੂ ਹਰਦੀਪ ਸਿੰਘ
ਨਿੱਝਰ ਨੂੰ ਉਸਦੀ ਬਰਸੀ ਮੌਕੇ 18 ਜੂਨ ਨੂੰ ਇੱਕ
ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦੇਣ ਬਾਅਦ ਭਾਰਤ-ਕੈਨੇਡਾ ਦੇ ਰਿਸ਼ਤਿਆਂ ਵਿੱਚ ਕੁੜੱਤਣ ਹੋਰ ਵੱਧ ਗਈ ਹੈ।
ਸਮੱਸਿਆ ਇਹ ਹੈ ਕਿ
ਭਾਈ ਨਿੱਝਰ ਨੂੰ ਹਿੰਦੁਸਤਾਨ ਦੀ ਸਰਕਾਰ ਨੇ ਦਹਿਸ਼ਤਗਰਦ ਐਲਾਨ ਰੱਖਿਆ ਹੈ। ਉਸਨੂੰ ਸਰੀ ਗੁਰਦੁਆਰਾ
ਸਾਹਿਬ ਦੇ ਬਾਹਰ ਪਿੱਛਲੇ ਸਾਲ ਗੋਲੀਆਂ ਮਾਰ ਕੇ
ਕਤਲ ਕਰ ਦਿੱਤਾ ਸੀ।
ਕੈਨੇਡਾ ਦੇ ਪ੍ਰਧਾਨ
ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਆਪਣੇ
ਮੁਲਕ ਦੀ ਪਾਰਲੀਮੈਂਟ ਵਿੱਚ ਬੋਲਦਿਆਂ ਭਾਰਤੀ ਏਜੰਸੀਆਂ ਦਾ ਨਿੱਝਰ ਦੇ ਕਤਲ ਵਿੱਚ ਹੱਥ ਹੋਣ ਦਾ
ਸੰਕੇਤ ਦਿੱਤਾ ਸੀ।
ਭਾਈ ਨਿੱਝਰ, ਸਿੱਖਸ ਫਾਰ ਜਸਟਿਸ ਦੀ ਰੈਫਰੈਡਮ 2020 ਮੁਹਿੰਮ ਦਾ
ਕੈਨੇਡਾ ਵਿੱਚ ਚੇਹਰਾ ਸੀ।
ਕੈਨੇਡਾ ਦੀ ਪਾਰਲੀਮੈਂਟ ਵੱਲੋਂ ਨਿੱਝਰ ਨੂੰ ਸ਼ਰਧਾਂਜਲੀ ਦੇਣ ਤੋ ਫੌਰੀ ਬਾਅਦ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਕਨਿਸ਼ਕਾ ਕਾਂਡ ਦੀ 23 ਜੂਨ ਨੂੰ ਵਰ੍ਹੇਗੰਢ ਮੌਕੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਕਰਨ ਦਾ ਐਲਾਨ ਕਰ ਦਿੱਤਾ।
ਇਸ ਜਹਾਜ ਕਾਂਡ
ਵਿੱਚ ਬੱਬਰ ਖਾਲਸਾ ਦੇ ਜੁਝਾਰੂ ਤਲਵਿੰਦਰ ਸਿੰਘ ਪਰਮਾਰ ਤੇ ਉਸਦੇ ਸਾਥੀਆਂ ਦਾ ਨਾਮ ਸਾਹਮਣੇ ਆਇਆ
ਸੀ। ਇਸ ਕਾਂਡ ਨੂੰ ਸਿੱਖ ਜੁਝਾਰੂ ਸੰਘਰਸ਼ ਨਾਲ
ਜੋੜਿਆ ਜਾਂਦਾ ਹੈ।
ਭਾਈ ਤਲਵਿੰਦਰ ਸਿੰਘ
ਨੇ ਪਾਕਿਸਤਾਨ ਵਿੱਚ ਇਸ ਕਾਂਡ ਸੰਬੰਧੀ ਜੋ ਜਾਣਕਾਰੀ ਆਪਣੇ ਸਾਥੀਆਂ ਨੂੰ ਦਿੱਤੀ ਉਸ ਮੁਤਾਬਿਕ
ਸਿੱਖ ਜੁਝਾਰੂਆਂ ਦਾ ਟੀਚਾ ਕਿਸੇ ਦਾ ਜਾਨੀ ਨੁਕਸਾਨ ਕਰਨਾ ਨਹੀਂ ਸੀ ਬਲਕਿ ਭਾਰਤ ਨੂੰ ਆਰਥਿਕ ਤੌਰ
ਤੇ ਸੱਟ ਮਾਰਨਾ ਸੀ। ਕਨਿਸ਼ਕਾ ਜਹਾਜ਼ ਟਰਾਂਟੋ ਤੋ ਡੇਢ ਘੰਟਾ ਦੇਰ ਨਾਲ ਉਡਾਣ ਭਰਨ ਕਾਰਨ ਜਹਾਜ਼
ਅਸਮਾਨ ਵਿੱਚ ਹੀ ਤਬਾਹ ਹੋ ਗਿਆ।
ਪੂਰੀ ਜਾਣਕਾਰੀ
ਮੇਰੀ ਕਿਤਾਬ ਖਾਲਿਸਤਾਨ ਸੰਘਰਸ਼ - ਕਹਾਣੀ ਬਲਦੇ ਦਰਿਆਵਾਂ ਦੀ’ ਵਿੱਚ ਦਰਜ ਹੈ, ਜੋ ਇਸ ਪ੍ਰਕਾਰ ਹੈ -
ਏਅਰ ਇੰਡੀਆ ਕਨਿਸ਼ਕ
ਨੂੰ ਬੰਬ ਨਾਲ ਉਡਾਉਣਾ
ਸਿੱਖ
ਸੰਘਰਸ਼ ਨਾਲ ਜੁੜੀਆਂ ਸਭ ਤੋਂ ਦੁਖਦਾਈ
ਘਟਨਾਵਾਂ ਵਿਚੋਂ ਇੱਕ ਜਿਸ ਨੇ ਵਿਸ਼ਵਵਿਆਪੀ ਧਿਆਨ ਖਿੱਚਿਆ, ਉਹ ਸੀ ਏਅਰ ਇੰਡੀਆ ਕਨਿਸ਼ਕ ਫਲਾਈਟ 182 ਨੂੰ ਬੰਬ ਨਾਲ
ਉਡਾਉਣਾ ਜੋ ਕਿ 23 ਜੂਨ 1985 ਨੂੰ ਆਇਰਿਸ਼ ਤੱਟ ਦੇ ਨੇੜੇ ਅਟਲਾਂਟਿਕ ਮਹਾਂਸਾਗਰ ਉੱਤੇ ਹਵਾ ਵਿੱਚ ਫਟਿਆ, ਜਿਸ ਵਿੱਚ ਟੋਰਾਂਟੋ-ਮਾਂਟਰੀਅਲ-ਲੰਡਨ-ਨਵੀਂ ਦਿੱਲੀ ਮਾਰਗ ’ਤੇ ਬੋਇੰਗ 747-237 ਬੀ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ।
ਇਹ
ਸਾਲਾਂ ਬਾਅਦ ਸਾਹਮਣੇ ਆਇਆ ਕਿ ਇਹ ਯੋਜਨਾ ਲੋਕਾਂ ਨੂੰ ਮਾਰਨ ਲਈ ਨਹੀਂ ਸੀ ਬਲਕਿ ਇਸ ਰਾਸ਼ਟਰੀ
ਕੈਰੀਅਰ ਨੂੰ ਨਿਸ਼ਾਨਾ ਬਣਾ ਕੇ ਹਿੰਦੁਸਤਾਨ ਦੀ ਅਰਥ ਵਿਵਸਥਾ ਨੂੰ ਸੱਟ ਮਾਰਨਾ ਇਸ ਦਾ ਮਕਸਦ
ਸੀ। ਅਪਰੇਸ਼ਨ ਨੀਲਾ ਤਾਰਾ ਦਾ ਬਦਲਾ ਲੈਣ ਲਈ ਇਸ ਵਿਉਂਤ ਤਹਿਤ ਹਿੰਦੁਸਤਾਨ ਦੀ ਅਰਥ ਵਿਵਸਥਾ ਨੂੰ
ਰਣਨੀਤਿਕ ਢੰਗ ਨਾਲ ਨਿਸ਼ਾਨਾ ਬਣਾਇਆ ਜਾਣਾ ਸੀ। ਕਾਰਵਾਈ ਬਹੁਤ ਗ਼ਲਤ ਹੋ ਗਈ। ਬੰਬ ਦੇ ਫੱਟਣ ਦਾ ਸਮਾਂ ਜਹਾਜ਼
ਦੇ ਲੰਡਨ ਵਿੱਚ ਉਤਰਨ ਤੋਂ ਬਾਅਦ ਦਾ ਲਗਾਇਆ ਗਿਆ ਸੀ। ਇਹ
ਤ੍ਰਾਸਦੀ ਵੱਡਾ ਨੁਕਸਾਨ ਸੀ।
ਇਹ
ਕੈਨੇਡਾ ਵਿੱਚ ਸਥਿਤ ‘ਬੱਬਰ ਖਾਲਸਾ ਇੰਟਰਨੈਸ਼ਨਲ’ ਨਾਲ ਜੁੜੇ ਲੋਕਾਂ ਦੁਆਰਾ ਕੀਤੀ ਗਈ ਕਾਰਵਾਈ ਸੀ, ਪਰ ਇਸ ਖਾੜਕੂ ਸੰਗਠਨ ਦੁਆਰਾ ਨਹੀਂ। ਕੈਨੇਡਾ ਦੇ ਸਿੱਖ ਹਲਕਿਆਂ ਵਿੱਚ ਇੱਕ ਹੋਰ ਪੱਧਰ
’ਤੇ, ਇਸ ਦੁਖਾਂਤ ਨੂੰ ਵਿਸ਼ਵ ਪੱਧਰ ’ਤੇ ਸਿੱਖ ਸੰਘਰਸ਼ ਨੂੰ
ਬਦਨਾਮ ਕਰਨ ਲਈ ਹਿੰਦੁਸਤਾਨੀ ਏਜੰਸੀਆਂ ਦੀ ਕਾਰਵਾਈ ਮੰਨਿਆ ਜਾਂਦਾ ਹੈ।
ਹੁਣ
ਉਪਲੱਬਧ ਜਾਣਕਾਰੀ ਅਨੁਸਾਰ, ਇਸ ਅਪਰੇਸ਼ਨ ਪਿੱਛੇ
ਤਲਵਿੰਦਰ ਸਿੰਘ ਪਰਮਾਰ ਦਾ ਦਿਮਾਗ ਸੀ ਜਿਸ ਨੂੰ ਕਈ ਸਾਲਾਂ ਬਾਅਦ ਪੰਜਾਬ ਪੁਲਿਸ ਨੇ
ਮਾਰ ਦਿੱਤਾ ਸੀ। ਜਦ ਪਰਮਾਰ ਹਿੰਦੁਸਤਾਨੀ ਮੂਲ ਦੇ ਕੈਨੇਡੀਅਨ ਸਿੱਖ ਨਾਗਰਿਕ ਵਜੋਂ ਆਲਮੀ ਸੁਰੱਖਿਆ ਏਜੰਸੀਆਂ ਦੇ ਘੇਰੇ ਅਤੇ ਦਬਾਅ ਹੇਠ ਆ ਗਿਆ ਸੀ ਤਾਂ ਉਸ ਨੇ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਪਹਾੜੀ ਸਰਹੱਦੀ ਖੇਤਰ ਦੀਆਂ
ਗੁਫਾਵਾਂ ਵਿੱਚ ਛੁੱਪ ਕੇ ਇੱਕ ਸਾਲ ਤੋਂ ਵੱਧ ਸਮਾਂ ਬਿਤਾਇਆ, ਇਹ ਖੇਤਰ ਸਦੀਆਂ ਤੋਂ 'ਨੋ ਮੈਨਜ਼ ਲੈਂਡ' ਵਜੋਂ ਜਾਣਿਆ ਜਾਂਦਾ ਹੈ।
17 ਜੂਨ, 2010 ਨੂੰ ਜਾਰੀ ਸੁਪਰੀਮ
ਕੋਰਟ ਦੇ ਸੇਵਾ ਮੁਕਤ ਜਸਟਿਸ ਜੌਹਨ ਮੇਜਰ ਦੀ ਅਗਵਾਈ ਵਾਲੀ ਜਨਤਕ ਜਾਂਚ ਦੀ
ਰਿਪੋਰਟ ਦੇ ਅਖੀਰ ਵਿੱਚ ਪਰਮਾਰ ਦਾ ਨਾਂ ਸ਼ਾਮਲ ਕੀਤਾ ਗਿਆ, ਪਰੰਤੂ ਇਹ ਨਿਰਣਾਇਕ ਨਹੀਂ। ਕਮਿਸ਼ਨ ਨੇ ਇਹ ਵਿਚਾਰ ਪ੍ਰਗਟ ਕੀਤਾ ਕਿ “ਤਲਵਿੰਦਰ ਸਿੰਘ ਪਰਮਾਰ ਕੱਟੜਪੰਥੀ ਖਾੜਕੂਵਾਦ ਦੇ ਕੇਂਦਰ ਵਿੱਚ ਖ਼ਾਲਿਸਤਾਨ ਪੱਖੀ
ਸੰਗਠਨ ਬੱਬਰ ਖਾਲਸਾ ਦਾ ਆਗੂ ਸੀ ਅਤੇ ਹੁਣ ਮੰਨਿਆ
ਜਾਂਦਾ ਹੈ ਕਿ ਉਹ ਏਅਰ ਇੰਡੀਆ ਦੀਆਂ
ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ ਦਾ ਆਗੂ ਸੀ।” ਗ੍ਰਿਫ਼ਤਾਰ ਕੀਤੇ ਗਏ
ਸਾਰੇ ਲੋਕਾਂ ਨੂੰ ਬਾਅਦ ਵਿੱਚ ਠੋਸ ਸਬੂਤਾਂ ਦੀ ਅਣਹੋਂਦ ਕਾਰਨ ਅਦਾਲਤ ਨੇ ਬਰੀ ਕਰ
ਦਿੱਤਾ।
ਪਰਮਾਰ
ਨੇ 1990 ਵਿੱਚ ਪਾਕਿਸਤਾਨ ਵਿੱਚ ਬੱਬਰ ਖਾਲਸਾ ਦੇ ਆਗੂਆਂ ਨਾਲ ਜਥੇਬੰਦੀ ਦੇ ਉਪ-ਪ੍ਰਧਾਨ
ਅਤੇ ਪੰਥਕ ਕਮੇਟੀ ਦੇ ਮੈਂਬਰ ਵਜੋਂ ਰਸਮੀ ਤੌਰ ’ਤੇ ਸ਼ਾਮਲ ਹੋਣ ਦੇ ਸਮੇਂ ਇਹ
ਵੇਰਵੇ ਸਾਂਝੇ ਕੀਤੇ
ਸਨ।
ਤਲਵਿੰਦਰ
ਪੰਜਾਬ ਦੇ ਖਾੜਕੂਆਂ ਦੇ ਪਹਿਲੇ ਗਰੁੱਪ ਵਿਚੋਂ ਸੀ। 19 ਨਵੰਬਰ 1981 ਨੂੰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਨੇੜੇ ਦਹੇੜੂ ਪਿੰਡ ਵਿੱਚ ਪੁਲਿਸ ਨਾਲ ਹੋਏ
ਮੁਕਾਬਲੇ, ਜਿਸ ਵਿੱਚ ਇੱਕ
ਪੁਲਿਸ ਇੰਸਪੈਕਟਰ ਪ੍ਰੀਤਮ ਸਿੰਘ ਬਾਜਵਾ ਅਤੇ ਕਾਂਸਟੇਬਲ ਸੂਰਤ ਸਿੰਘ ਮਾਰੇ ਗਏ ਸਨ, ’ਚ ਉਸ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਹ ਕੈਨੇਡਾ ਪਰਤਿਆ ਸੀ।
ਉਂਝ ਉਹ 1970 ਵਿੱਚ ਕੈਨੇਡਾ
ਪਰਵਾਸ ਕਰ ਗਿਆ ਸੀ ਅਤੇ 13 ਅਪ੍ਰੈਲ 1978 ਨੂੰ ਸਿੱਖ-ਨਿਰੰਕਾਰੀ ਝੜਪ ਤੋਂ ਬਾਅਦ ਹਿੰਦੁਸਤਾਨ ਵਾਪਸ ਜਾਣ ਲਈ 1978 ਵਿੱਚ ਆਪਣੀ ਨੌਕਰੀ ਤੋਂ ਉਸ ਨੇ ਅਸਤੀਫ਼ਾ ਦੇ
ਦਿੱਤਾ ਸੀ।
ਜਾਣਕਾਰੀ
ਅਨੁਸਾਰ, ਨਿਸ਼ਾਨੇ ’ਤੇ ਦੋ ਉਡਾਣਾਂ ਸਨ, ਦੂਜੀ ਏਅਰ ਇੰਡੀਆ ਦੀ ਫ਼ਲਾਇਟ 301, ਜੋ ਟੋਕੀਓ ਤੋਂ
ਬੈਂਕਾਕ ਜਾ ਰਹੀ ਸੀ, ਜਿਸ ਲਈ ਵੈਨਕੂਵਰ
ਵਿਖੇ ਟੋਰਾਂਟੋ-ਟੋਕੀਓ-ਕੈਨੇਡਾ ਪੈਸੀਫਿਕ ਫ਼ਲਾਈਟ 003 ਵਿਚ ਟਾਈਮ ਬੰਬ ਲੈ
ਕੇ ਜਾਣ ਵਾਲਾ ਸਮਾਨ ਬੁੱਕ ਕੀਤਾ ਗਿਆ ਸੀ। ਇਸ ਜਹਾਜ਼ ਵਿਚ ਬੰਬ ਨਿਊ ਟੋਕੀਓ ਨਾਰੀਤਾ ਹਵਾਈ ਅੱਡੇ
’ਤੇ ਫੱਟਿਆ, ਜਿਸ ਨਾਲ ਏਅਰ
ਇੰਡੀਆ ਦੀ ਉਡਾਣ ’ਤੇ ਦੋ ਜਾਪਾਨੀ ਕੁਲੀਆਂ ਦੀ ਮੌਤ ਹੋ ਗਈ।
ਨਾਰੀਤਾ
ਵਿਖੇ ਧਮਾਕਾ ਕਨਿਸ਼ਕ ਦੇ ਡਿੱਗਣ ਤੋਂ ਕਰੀਬ ਇਕ ਘੰਟਾ ਪਹਿਲਾਂ ਹੋਇਆ ਸੀ। ਦੋਵੇਂ ਬੰਬ ਫੱਟਣ ਦਾ ਸਮਾਂ ਜਹਾਜ਼ਾਂ ਦੇ ਉਤਰਨ ਤੋਂ ਬਾਅਦ ਦਾ
ਸੀ। ਸਾਮਾਨ ਨਾਰੀਤਾ ਵਿਖੇ ਏਅਰ ਇੰਡੀਆ ਦੀ ਉਡਾਣ ਵਿੱਚ ਤਬਦੀਲ ਕੀਤਾ ਜਾਣਾ ਸੀ। ਆਮ ਪ੍ਰਕਿਰਿਆ
ਵਾਂਗ ਕਨਿਸ਼ਕ ਦੇ ਖੱਬੇ ਵਿੰਗ ਦੇ ਹੇਠਾਂ ਟੋਰਾਂਟੋ ਵਿੱਚ ਫਿੱਟ ਕੀਤੇ ਗਏ ਇੱਕ ਵਾਧੂ
ਇੰਜਣ ਕਰਕੇ ਹਿੰਦੁਸਤਾਨ ਵੱਲ ਨੂੰ ਉੱਡਣ ਵਿਚ ਇੱਕ ਘੰਟੇ ਅਤੇ 40 ਮਿੰਟ ਲੇਟ ਸੀ।2 ਇੱਕ ਹੋਰ ਅਖ਼ਬਾਰ ਦੀ ਖ਼ਬਰ ਮੁਤਾਬਕ, “ਬੰਬ ਹੀਥਰੋ ਵਿਖੇ ਤੇਲ ਰੀਫਿਲਿੰਗ ਸਟਾਪ ਦੇ
ਦੌਰਾਨ ਚੱਲਣਾ ਸੀ ਪਰ
ਉਡਾਨ ਭਰਨ ਵਿਚ ਪਹਿਲਾਂ
ਹੀ ਦੋ ਘੰਟਿਆਂ ਤੋਂ ਵੱਧ ਦੇਰੀ ਹੋ ਗਈ ਸੀ।”3 ਵਾਸ਼ਿੰਗਟਨ ਪੋਸਟ ਨੇ ਰਿਪੋਰਟ ਦਿੱਤੀ: “ਜਹਾਜ਼ ਨੇ ਸ਼ਨੀਵਾਰ ਰਾਤ ਟੋਰਾਂਟੋ ਤੋਂ ਦੇਰ ਨਾਲ ਉਡਾਣ
ਭਰੀ ਸੀ ਅਤੇ ਦੁਬਾਰਾ ਮੌਂਟਰੀਅਲ ਵਿੱਚ ਦੇਰੀ ਹੋ ਗਈ ਸੀ।”4 ਇਸ ਅਣਕਿਆਸੀ ਦੇਰੀ ਕਾਰਨ ਸਾਜ਼ਿਸ਼ਕਾਰਾਂ ਦਾ
ਸਾਰਾ ਹਿਸਾਬ ਗ਼ਲਤ ਹੋ ਗਿਆ ਜਿਸ ਦੇ ਨਤੀਜੇ ਵਜੋਂ
ਭਿਆਨਕ ਤ੍ਰਾਸਦੀ ਵਾਪਰੀ। ਜੇ ਉਡਾਣ ਭਰਨ ਵਿੱਚ ਦੇਰੀ ਨਾ ਹੁੰਦੀ, ਤਾਂ ਲੈਂਡਿੰਗ ਤੋਂ ਬਾਅਦ ਲੰਡਨ ਹਵਾਈ ਅੱਡੇ ’ਤੇ ਬੰਬ ਫੱਟਣਾ ਸੀ।
ਪਰਮਾਰ
ਨੂੰ ਇਸ ਮਾਮਲੇ ਵਿੱਚ ਨਵੰਬਰ 1985 ਵਿੱਚ ਕੈਨੇਡਾ
ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਜਨਵਰੀ 1986 ਵਿੱਚ ਰਿਹਾਅ ਕਰ ਦਿੱਤਾ ਗਿਆ। ਉਸ ਨੂੰ ਜੂਨ 1986 ਵਿੱਚ ਦੁਬਾਰਾ ਗ੍ਰਿਫ਼ਤਾਰ ਕੀਤਾ
ਗਿਆ ਪਰ ਮਈ 1987 ਵਿੱਚ ਰਿਹਾਅ ਕਰ
ਦਿੱਤਾ ਗਿਆ। ਜਦੋਂ ਜਾਂਚ ਜਾਰੀ ਸੀ ਤਾਂ ਮਈ 1988 ਵਿੱਚ ਉਸ ਨੇ ਦੁਬਾਰਾ ਕੈਨੇਡਾ ਛੱਡ ਦਿੱਤਾ ਅਤੇ ਉਸ ਦੇ ਆਲੇ-ਦੁਆਲੇ ਘੇਰਾ ਸਖ਼ਤ ਹੋਣਾ ਸ਼ੁਰੂ ਹੋ ਗਿਆ।
ਕੈਨੇਡੀਅਨ
ਜਾਂਚ ਅਧਿਕਾਰੀਆਂ ਨੇ ਅਖੀਰ ਵਿੱਚ ਜਾਪਾਨੀ ਅਧਿਕਾਰੀਆਂ ਦੇ ਸਹਿਯੋਗ ਨਾਲ ਨਾਰੀਤਾ ਧਮਾਕੇ ਦੀ ਜਾਂਚ
ਤੋਂ ਕੇਸ ਦਾ ਪਤਾ ਲਗਾਇਆ। ਕੈਨੇਡਾ ਨੇ ਬ੍ਰਿਟੇਨ ਨੂੰ ਬੇਨਤੀ ਕੀਤੀ ਕਿ ਉਹ ਇੰਦਰਜੀਤ ਸਿੰਘ ਰਿਆਤ
ਦੀ ਹਵਾਲਗੀ ਕਰੇ, ਜਿਸ ਨੂੰ 5 ਫਰਵਰੀ 1988 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕਨਿਸ਼ਕ ਕਾਂਡ ਤੋਂ ਬਾਅਦ ਉਹ ਕੈਨੇਡਾ ਤੋਂ ਯੂ.ਕੇ. ਚਲਾ ਗਿਆ ਸੀ। ਅਖੀਰ
ਉਸ ਨੂੰ 13 ਦਸੰਬਰ 1989 ਨੂੰ ਵੈਨਕੂਵਰ
ਭੇਜਿਆ ਗਿਆ, ਜਿੱਥੇ ਉਸ ਤੋਂ
ਪੁੱਛ-ਗਿੱਛ ਹੋਈ। ਰਿਆਤ ਦੀ ਮੁੜ ਗ੍ਰਿਫ਼ਤਾਰੀ ਤੋਂ ਪਰਮਾਰ ਘਬਰਾ ਗਿਆ ਸੀ। ਉਸ ਨੇ ਫਿਰ ਬੱਬਰ ਖ਼ਾਲਸਾ ਵਿੱਚ ਆਪਣੇ ਸਾਥੀਆਂ ਨਾਲ ਸੰਪਰਕ ਕਰਕੇ ਸੁਰੱਖਿਆ ਮੰਗੀ।
ਜ਼ਿਕਰਯੋਗ
ਹੈ ਕਿ ਜਦੋਂ ਉਸਨੇ ਇਨ੍ਹਾਂ ਦੋ ਬੰਬ ਧਮਾਕਿਆਂ ਦੀ ਯੋਜਨਾ ਬਣਾਈ ਸੀ ਤਾਂ ਉਸ ਦਾ ਬੱਬਰ ਖਾਲਸਾ
(ਤਲਵਿੰਦਰ) ਨਾਂ ਦੀ ਵੱਖਰੀ
ਜਥੇਬੰਦੀ ਸੀ।
ਪਾਕਿਸਤਾਨ
ਵਿੱਚ ਰਹਿ ਰਹੇ ਬੱਬਰ ਖ਼ਾਲਸਾ ਦੇ ਬੰਦਿਆਂ ਨੇ ਹਥਿਆਰਾਂ ਦੇ ਕੁੱਝ ਤਸਕਰਾਂ ਦੀ ਮਦਦ ਨਾਲ ਉਸ ਦੇ ਲੁੱਕਣ ਦੀ ਯੋਜਨਾ ਬਣਾਈ। ਬੱਬਰਾਂ
ਨੂੰ ਇਹ ਸੰਪਰਕ ਮੁਹੱਈਆ ਕਰਵਾਉਣ ਪਿੱਛੇ ਆਈ.ਐਸ.ਆਈ ਏਜੰਸੀ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ
ਸਕਦਾ।
ਪਰਮਾਰ
ਦੇ ਇੱਕ ਸਹਿਯੋਗੀ ਨੇ ਪਾਕਿਸਤਾਨ ਵਿੱਚ ਬੱਬਰਾਂ ਨਾਲ ਸੰਪਰਕ ਕਰਕੇ ਮਦਦ ਮੰਗੀ ਸੀ। ਪਾਕਿਸਤਾਨ
ਵਿੱਚ ਬੱਬਰ ਖ਼ਾਲਸਾ ਦਾ ਆਗੂ ਵਧਾਵਾ ਸਿੰਘ, ਮੁੱਢਲੇ ਦਿਨਾਂ
ਦੌਰਾਨ ਪਰਮਾਰ ਨਾਲ ਜੁੜਿਆ ਹੋਇਆ ਸੀ ਅਤੇ ਇਸ ਕਰਕੇ ਉਸ ਦੇ ਪ੍ਰਤੀ ਨਰਮ ਸੀ। ਉਸ ਨੂੰ ਹਰ ਸੰਭਵ
ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ।
ਉਸ ਨੂੰ ਕਰਾਚੀ ਰਾਹੀਂ ਬੈਂਕਾਕ ਜਾਣ ਵਾਲੀ ਫ਼ਲਾਈਟ ਵਿੱਚ ਸਵਾਰ ਹੋਣ ਦੇ ਨਿਰਦੇਸ਼ ਦਿੱਤੇ
ਗਏ। ਉਸ ਨੇ ਕੈਨੇਡਾ ਦੇ ਕਿਸੇ ਵੀ ਹਵਾਈ ਅੱਡੇ ਤੋਂ ਉਡਾਣ ਵਿੱਚ ਨਾ ਚੜ੍ਹਨ ਦੀ ਸਾਵਧਾਨੀ ਵਰਤੀ ਅਤੇ ਅਮਰੀਕਾ ਤੋਂ
ਉਡਾਣ ਲਈ। ਉਸ ਨੇ ਪਾਕਿਸਤਾਨ ਜਾਣ ਲਈ ਜਾਅਲੀ ਪਛਾਣ ਅਤੇ ਪਾਸਪੋਰਟ ਦੀ
ਵਰਤੋਂ ਕੀਤੀ। ਜਿਵੇਂ ਇਸ ਗੁਪਤ ਕੰਮ ਦੀ ਯੋਜਨਾ ਸੀ, ਉਸ ਨੂੰ ਕਰਾਚੀ ਤੋਂ ਬਾਹਰ ਲਿਆਂਦਾ ਗਿਆ ਅਤੇ ਲਾਹੌਰ ਲਿਜਾਇਆ
ਗਿਆ। ਇਹ ਮਈ 1988 ਦੇ ਆਸ–ਪਾਸ ਦੀ ਗੱਲ ਹੈ।
ਪਾਕਿਸਤਾਨ
ਸ਼ੁਰੂ ਵਿੱਚ ਪਰਮਾਰ ਲਈ ਕੁੱਝ ਨਹੀਂ ਕਰਨਾ ਚਾਹੁੰਦਾ ਸੀ ਪਰ ਪੰਥਕ ਕਮੇਟੀ ਅਤੇ ਬੱਬਰ ਖ਼ਾਲਸਾ
ਵੱਲੋਂ ਜ਼ੋਰਦਾਰ ਢੰਗ ਨਾਲ ਉਠਾਏ ਗਏ ਮੁੱਦੇ ਤੋਂ ਬਾਅਦ ਉਸ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਇਨ੍ਹਾਂ
ਕੱਟੜਪੰਥੀ ਸਿੱਖ ਜਥੇਬੰਦੀਆਂ ਵੱਲੋਂ ਕੈਨੇਡਾ ਤੋਂ ਉਸ ਦਾ ਇੱਕ ਸਾਥੀ ਵੀ ਲਿਆਂਦਾ ਗਿਆ ਸੀ।
ਉਸਦੇ
ਦਾਖਲੇ ਦੀ ਪਾਕਿਸਤਾਨ ਨੇ ਇਜਾਜ਼ਤ ਤਾਂ ਦੇ ਦਿੱਤੀ ਪਰ ਉਸ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਸ ਨਾਲ ਕੈਨੇਡਾ ਨਾਲ ਤਣਾਅ ਪੈਦਾ ਹੋ ਸਕਦਾ ਸੀ। ਪਾਕਿਸਤਾਨ ਨੇ
ਵਧਾਵਾ ਅਤੇ ਉਸ ਦੇ ਸਾਥੀਆਂ ਨੂੰ
ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਹਿੰਦੁਸਤਾਨ ਜਾਂ ਕਿਸੇ ਹੋਰ ਜਗ੍ਹਾ ’ਤੇ ਉਸ ਲਈ ਸੁਰੱਖਿਅਤ ਜਗ੍ਹਾ ਦਾ ਪ੍ਰਬੰਧ ਕਰਨ।
ਉਸ ਨੂੰ ਸੁਰੱਖਿਅਤ ਜਗ੍ਹਾ ’ਤੇ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਉਹ ਇੱਕ ਮਹੀਨੇ ਤੋਂ ਵੀ ਘੱਟ
ਸਮੇਂ ਲਈ ਲਾਹੌਰ ਖੇਤਰ ਵਿੱਚ ਰਿਹਾ ਸੀ।
ਫਿਰ
ਪਾਕਿਸਤਾਨ ਦੇ ਸਰਹੱਦੀ ਪ੍ਰਾਂਤ ਦੇ ਦਾਰਾ ਆਦਮ ਖੇਲ ਕਸਬੇ ਵਿੱਚ ਹਾਜੀ ਨਾਂ ਦੇ ਇੱਕ ਤਸਕਰ ਨਾਲ
ਸੰਪਰਕ ਕੀਤਾ ਗਿਆ ਤਾਂ ਜੋ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਸਰਹੱਦੀ ਖੇਤਰ ਦੀਆਂ ਗੁਫਾਵਾਂ
ਵਿੱਚ ਪਰਮਾਰ ਦਾ ਪ੍ਰਬੰਧ ਕੀਤਾ ਜਾ ਸਕੇ, ਜਿਥੇ ਉਹ 1988 ਤੋਂ 1990 ਤੱਕ ਡੇਢ ਸਾਲ ਦੇ
ਆਸ–ਪਾਸ
ਰਿਹਾ। ਗੁਫ਼ਾਵਾਂ ਤੋਂ ਵਾਪਸ ਆਉਣ ਤੋਂ ਬਾਅਦ ਪਾਕਿਸਤਾਨ ਨੇ ਉਸ ਨੂੰ ਬੱਬਰਾਂ ਦੇ ਨਾਲ ਕੁੱਝ ਸਮੇਂ ਲਈ ਹੀ ਰਹਿਣ ਦਿੱਤਾ। ਪਾਕਿਸਤਾਨ ਨੇ
ਬੱਬਰਾਂ ਨੂੰ ਕਿਹਾ ਕਿ ਉਹ ਉਸ ਨੂੰ ਹਿੰਦੁਸਤਾਨ ਭੇਜ
ਦੇਣ।
ਪੰਜਾਬੀ
ਟ੍ਰਿਬਿਊਨ ਵਿੱਚ ਲੰਡਨ ਤੋਂ ਇੱਕ ਖਬਰ ਛਪੀ ਸੀ ਕਿ ਪਰਮਾਰ ਅਫ਼ਗਾਨ ਅੱਤਵਾਦੀ ਨੇਤਾ ਗੁਲਬੁਦੀਨ
ਹਿਕਮਤਿਯਾਰ ਦੇ ਸੰਪਰਕ ਵਿੱਚ ਸੀ, ਜਿਸ ਨੇ ਬਾਅਦ ਵਿੱਚ ਉਸ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ।5 ਇਸ ਰਿਪੋਰਟ ਅਨੁਸਾਰ, ਹਿਕਮਤਿਯਾਰ ਨੇ ਖ਼ਾਲਿਸਤਾਨੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧਾਂ ਤੋਂ ਇਨਕਾਰ
ਕੀਤਾ ਸੀ। ਹਾਲਾਂਕਿ, ਜਿਹੜੇ ਸਰੋਤ ਸਿੱਖ
ਸੰਘਰਸ਼ ਵਿੱਚ ਸਰਗਰਮ ਸਨ, ਉਨ੍ਹਾਂ ਨੇ ਗੱਲਬਾਤ
ਜਾਰੀ ਰੱਖੀ ਭਾਵੇਂ ਇਹ ਨਿਯਮਤ ਨਹੀਂ ਸੀ।
ਗੁਫ਼ਾਵਾਂ
ਵਿੱਚ ਰਹਿਣ ਸਮੇਂ ਉਸ ਨੇ ਸੁਤੰਤਰ ਰੂਪ ਵਿੱਚ ਕੁੱਝ ਵੱਡੀਆਂ ਕਾਰਵਾਈਆਂ ਦੀ
ਯੋਜਨਾ ਬਣਾਈ ਜਿਸ ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਵਿੱਚ ਤਣਾਅ ਨੂੰ ਇੱਕ ਨਵੇਂ ਪੱਧਰ ਤੇ ਲਿਜਾਣ
ਅਤੇ ਯੁੱਧ ਵਰਗੀ ਸਥਿਤੀ ਪੈਦਾ ਕਰਨ ਦੀ ਸਮਰੱਥਾ ਸੀ। ਉਸ ਨੇ ਹਾਜੀ ਨੂੰ ਸਟਿੰਗਰ ਮਿਜ਼ਾਈਲ ਦੀ ਖਰੀਦਦਾਰੀ ਲਈ 40 ਲੱਖ ਰੁਪਏ ਦਿੱਤੇ, ਜੋ ਉਸ ਨੂੰ ਸਰਹੱਦ ਪਾਰ ਕਰਨ ਤੋਂ ਬਾਅਦ ਦਿੱਲੀ ਵਿੱਚ ਦਿੱਤੀ ਜਾਣੀ ਸੀ। ਉਸਦੀ ਯੋਜਨਾਬੱਧ ਕਾਰਵਾਈ
ਆਈ.ਐਸ.ਆਈ. ਦੇ ਉਨ੍ਹਾਂ ਲੋਕਾਂ ਦੇ ਸਾਹਮਣੇ ਆ ਗਈ ਜੋ ਅਜਿਹੀ ਕਾਰਵਾਈ ਦੇ ਹੱਕ ਵਿੱਚ ਨਹੀਂ ਸਨ, ਜੋ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਸਿੱਧਾ ਟਕਰਾਅ ਪੈਦਾ ਕਰੇ। ਮਿਜ਼ਾਈਲ
ਦਾ
ਮਾਮਲਾ ਸਿਰੇ ਨਾ ਚੜ੍ਹ ਸਕਿਆ।
ਉਹ
ਗੁਫ਼ਾਵਾਂ ਤੋਂ ਵਾਪਸ ਆਉਣ ਬਾਅਦ ਰਸਮੀ ਤੌਰ ਤੇ ਬੱਬਰ ਖ਼ਾਲਸਾ ਵਿੱਚ ਸ਼ਾਮਲ ਹੋ ਗਿਆ। 1990 ਦੇ ਅਖੀਰ ਜਾਂ 1991 ਦੇ ਆਰੰਭ ਵਿੱਚ
ਲਾਹੌਰ ਵਿੱਚ ਪਰਮਾਰ ਨੂੰ ਬੀ.ਕੇ.ਆਈ. ਦਾ ਉਪ-ਪ੍ਰਧਾਨ
ਨਿਯੁਕਤ ਕੀਤਾ ਗਿਆ ਅਤੇ ਸਿਖਰਲੀ ਪੰਥਕ ਕਮੇਟੀ (ਡਾ. ਸੋਹਣ ਸਿੰਘ) ਲਈ ਨਾਮਜ਼ਦ ਕੀਤਾ ਗਿਆ ਸੀ। ਉਹ
ਬੱਬਰ ਖ਼ਾਲਸਾ ਦਾ ਮੁੱਖੀ ਬਣਨਾ ਚਾਹੁੰਦਾ ਸੀ, ਕਿਉਂਕਿ ਉਹ ਖਾੜਕੂਆਂ ਦੇ ਪਹਿਲੇ ਸਮੂਹ ਵਿਚੋਂ ਸੀ, ਪਰ ਜਥੇਬੰਦੀ ਦਾ
ਸੁਖਦੇਵ ਸਿੰਘ ਨੂੰ ਬਦਲਣ ਦਾ ਮਨ ਨਹੀਂ ਸੀ। ਇਹੀ ਕਾਰਨ ਸੀ ਕਿ
ਉਨ੍ਹਾਂ ਨੂੰ ਪੰਥਕ ਕਮੇਟੀ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਨਾਮਜ਼ਦ ਮੈਂਬਰ ਵਜੋਂ ਢੁੱਕਵੀਂ
ਜਗ੍ਹਾ ਦਿੱਤੀ ਗਈ। ਇਸ ਤੋਂ ਬਾਅਦ ਉਹ ਹਿੰਦੁਸਤਾਨ ਪਰਤ ਆਇਆ। ਇਹੀ ਸਮਾਂ ਸੀ ਜਦੋਂ ਪਰਮਾਰ ਰਸਮੀ ਤੌਰ ’ਤੇ ਆਪਣੀ ਪਹਿਲੀ
ਜਥੇਬੰਦੀ ਵਿੱਚ ਸ਼ਾਮਲ ਹੋਇਆ। ਉਸ ਦੇ ਦੋ ਸਾਥੀਆਂ ਨੂੰ
ਬੱਬਰ ਖ਼ਾਲਸਾ ਦੀ ਕਾਰਜਕਰਨੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਜਦੋਂ
ਉਸ ਨੇ ਰਸਮੀ ਤੌਰ ’ਤੇ ਬੱਬਰ ਖਾਲਸਾ ਵਿੱਚ ਸ਼ਾਮਲ ਹੋਣਾ ਸੀ
ਤਾਂ ਉਸ ਦੇ ਦੋ ਸਹਿਯੋਗੀ, ਜੋ ਬੱਬਰਾਂ ਦੇ ਸੰਪਰਕ ਵਿੱਚ ਸਨ, ਵੀ ਪਾਕਿਸਤਾਨ ਆਏ ਸਨ । ਉਸ ਗੁਪਤ ਥਾਂ ’ਤੇ ਡਾ. ਸੋਹਣ
ਸਿੰਘ ਅਤੇ ਦਲਜੀਤ ਸਿੰਘ ਜੋ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੁੱਖੀ ਸੀ, ਵੀ ਮੌਜੂਦ ਸਨ।
ਉਹ
ਲਗਭਗ ਇੱਕ ਸਾਲ ਹਿੰਦੁਸਤਾਨ ਵਿੱਚ ਰਿਹਾ ਅਤੇ 1992 ਦੀਆਂ ਗਰਮੀਆਂ
ਵਿੱਚ ਨੇਪਾਲ ਰਾਹੀਂ ਬੈਂਕਾਕ ਚਲਾ ਗਿਆ। ਯੂਰਪ ਜਾਣ
ਤੋਂ ਪਹਿਲਾਂ ਉਹ ਲਗਭਗ 2 ਮਹੀਨੇ ਉੱਥੇ
ਰਿਹਾ। ਇਸ ਦੌਰਾਨ ਹੀ ਉਸ ਨੇ ਦੁਬਾਰਾ ਬੱਬਰ ਖ਼ਾਲਸਾ ਅਲੱਗ ਤੋਂ ਸੰਗਠਿਤ ਕੀਤੀ। ਉਸ ਨੇ ਯੂਰਪ ਵਿੱਚ ਅਸੰਤੁਸ਼ਟ ਬੱਬਰਾਂ ਨਾਲ ਸੰਪਰਕ
ਕਰਕੇ ਉਨ੍ਹਾਂ ਨੂੰ ਆਪਣੇ ਨਵੇਂ ਸੰਗਠਨ ਵਿੱਚ ਸ਼ਾਮਲ ਕੀਤਾ। ਉਹ ਯੂਰਪ ਤੋਂ ਮੁੜ ਪਾਕਿਸਤਾਨ ਚਲਾ
ਗਿਆ। ਕੈਨੇਡਾ ਤੋਂ ਉਸ ਦਾ ਪਹਿਲਾ ਸਹਿਯੋਗੀ
ਸਰਮੁੱਖ ਸਿੰਘ ਇਸ ਦੌਰਾਨ ਉਸ ਦੇ ਨਾਲ ਸੀ।
ਉਹ
ਪਾਕਿਸਤਾਨ ਵਿੱਚ ਰਿਹਾ ਅਤੇ ਉਸ ਦੇਸ਼ ਤੋਂ ਬੱਬਰ ਖਾਲਸਾ (ਤਲਵਿੰਦਰ) ਦੀ ਮਾਨਤਾ ਮੰਗੀ। ਅਧਿਕਾਰੀ
ਝਿਜਕ ਰਹੇ ਸਨ ਕਿਉਂਕਿ ਪਾਕਿਸਤਾਨ ਇਨ੍ਹਾਂ ਲੋਕਾਂ ਵਿੱਚ ਫੁੱਟ ਪਾਉਣ ਦੇ ਹੱਕ ਵਿੱਚ ਨਹੀਂ ਸੀ। ਉਹ
ਪਾਕਿਸਤਾਨ ਵਿੱਚ ਥੋੜ੍ਹੇ ਸਮੇਂ ਲਈ ਰਹਿਣ ਬਾਅਦ ਨੇਪਾਲ ਰਾਹੀਂ ਹਿੰਦੁਸਤਾਨ ਆਇਆ ਅਤੇ ਚੰਡੀਗੜ੍ਹ
ਨਾਲ ਲੱਗਦੇ ਪੰਜਾਬ ਦੇ ਸ਼ਹਿਰ ਮੋਹਾਲੀ ਵਿੱਚ ਰਹਿਣ ਲੱਗਾ। ਉਸ ਨੇ ਹਿੰਦੁਸਤਾਨ ਵਿੱਚ ਆਪਣੇ ਤਾਣੇ-ਬਾਣੇ ਨੂੰ ਜੁਟਾਉਣਾ ਸ਼ੁਰੂ ਕੀਤਾ। ਉਹ ਅਕਤੂਬਰ ਦੇ
ਪਹਿਲੇ ਹਫ਼ਤੇ ਆਪਣੇ ਇੱਕ ਜਾਣੂ ਨੂੰ ਮਿਲਣ ਲਈ ਜੰਮੂ ਗਿਆ। ਇਹ ਜਾਣੂ ਸੇਵਾ ਮੁਕਤ ਮੇਜਰ ਨਾਨਕ ਸਿੰਘ ਸੀ। ਇਸ ਮੁਲਾਕਾਤ ਕਾਰਨ ਆਖਰ ਉਹ ਫਸ ਗਿਆ। ਯੂਰਪ ਤੋਂ ਉਸ ਦੇ ਸਾਥੀਆਂ ਨੇ ਉਸ ਨਾਲ 4 ਅਕਤੂਬਰ ਨੂੰ ਨਾਨਕ ਦੇ ਫ਼ੋਨ ’ਤੇ ਗੱਲ ਕੀਤੀ। ਤਲਵਿੰਦਰ ਨੇ ਉਸ ਆਦਮੀ ਨੂੰ ਕਿਹਾ ਕਿ
ਉਹ ਅਗਲੇ ਦਿਨ ਉਸ ਨੂੰ ਦੁਬਾਰਾ ਫ਼ੋਨ ਕਰੇ।
ਉਸ
ਆਦਮੀ ਨੇ ਅਗਲੇ ਦਿਨ ਫ਼ੋਨ ਕੀਤਾ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਉਸ ਨੂੰ ਸ਼ੱਕ ਹੋਇਆ। ਮੇਜਰ ਨਾਨਕ ਸਿੰਘ
ਨੇ ਬਾਅਦ ਵਿੱਚ ਕੈਨੇਡਾ ਵਿੱਚ ਆਪਣੇ ਸਾਥੀਆਂ ਨੂੰ ਦੱਸਿਆ ਕਿ ਪਰਮਾਰ ਜੰਮੂ ਤੋਂ ਸ੍ਰੀਨਗਰ ਗਿਆ ਸੀ
ਅਤੇ ਅਗਲੇ ਦਿਨ ਵਾਪਸ ਆਉਣਾ ਸੀ।
ਉਸ ਦੇ ਦੱਸਣ ਅਨੁਸਾਰ, ਪਰਮਾਰ ਨੂੰ ਜੰਮੂ
ਦੇ ਬੱਸ ਅੱਡੇ ਤੋਂ ਚੁੱਕਿਆ ਗਿਆ ਕਿਉਂਕਿ ਉਹ ਸ਼ੱਕੀ ਹਾਲਾਤਾਂ ਵਿਚ ਬੱਸ ਤੋਂ ਉਤਰਿਆ ਸੀ, ਕਿਉਂਕਿ ਉਸ ਦਿਨ ਸ਼ਹਿਰ ਵਿੱਚ ਇੱਕ ਬੰਬ ਧਮਾਕੇ ਕਾਰਨ ਸੁਰੱਖਿਆ ਸਖ਼ਤ ਸੀ। ਨਾਨਕ ਨੇ
ਦਾਅਵਾ ਕੀਤਾ ਕਿ ਉਹ ਪਰਮਾਰ ਨੂੰ ਪੁਲਿਸ ਸਟੇਸ਼ਨ ’ਤੇ ਮਿਲਿਆ ਸੀ। ਉਸ ਨੇ ਕਿਹਾ ਕਿ ਉਸ ਨੇ ਉਸਦੀ ਰਿਹਾਈ ਲਈ
ਥਾਣੇ ਦੇ ਇੰਚਾਰਜ ਨੂੰ ਮੋਟੀ ਰਿਸ਼ਵਤ (ਲੱਖਾਂ ਵਿੱਚ) ਦੀ ਪੇਸ਼ਕਸ਼ ਸੀ, ਜਿਸ ਨੇ ਪਰਮਾਰ ਸ਼ੱਕੀ ਬਣਾ ਦਿੱਤਾ। ਜਿਸ ਸਥਿਤੀ ਵਿੱਚ ਉਹ
ਅਣਜਾਣੇ ਵਿੱਚ ਫਸ ਗਿਆ ਸੀ, ਉਸ ਬਾਰੇ ਪਰਮਾਰ ਨੇ
ਇੱਕ ਪੁਲਿਸ ਕਰਮਚਾਰੀ ਦੀ ਸਹਾਇਤਾ ਨਾਲ ਨਾਨਕ ਨੂੰ ਟੈਲੀਫ਼ੋਨ ਕੀਤਾ ਸੀ।
ਜੰਮੂ
ਪੁਲਿਸ ਨੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ। ਉਸ ਦੀ ਪਹਿਚਾਣ ਪੰਜਾਬ
ਪੁਲਿਸ ਨੇ ਕੀਤੀ ਸੀ, ਜਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਨਾਨਕ
ਨੇ ਦਾਅਵਾ ਕੀਤਾ ਕਿ ਜੰਮੂ ਪੁਲਿਸ ਨੇ ਉਸ ਨੂੰ ਪਰੇਸ਼ਾਨ ਕਰਨਾ
ਸ਼ੁਰੂ ਕਰ ਦਿੱਤਾ ਸੀ। ਇਹ ਉਹ ਸਮਾਂ ਸੀ, ਜਦੋਂ ਕੈਨੇਡਾ ਵਿੱਚ
ਪਰਮਾਰ ਦੇ ਸਾਥੀਆਂ ਨੇ ਨਾਨਕ ਨੂੰ ਉੱਥੋਂ ਬਾਹਰ ਜਾਣ ਦੀ ਹਦਾਇਤ ਕੀਤੀ ਅਤੇ ਉਸ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਉਹ ਕੁੱਝ ਸਮੇਂ ਲਈ ਦਿੱਲੀ ਚਲਿਆ ਗਿਆ, ਜਿਥੋਂ ਉਹ 1993 ਵਿੱਚ ਬੈਲਜੀਅਮ ਚਲਿਆ ਗਿਆ ਅਤੇ ਆਖਰਕਾਰ ਬੈਂਕਾਕ ਦੇ ਰਸਤੇ ਕੈਨੇਡਾ ਪਹੁੰਚ ਗਿਆ। ਜਥੇਬੰਦੀ
ਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਨਾਨਕ ਨੇ ਗੱਦਾਰੀ ਕੀਤੀ ਸੀ।
ਹਾਲਾਂਕਿ, ਪਰਮਾਰ ਦੀ ਗਤੀਵਿਧੀ ਬਾਰੇ ਜਾਨਣ ਵਾਲੇ ਅਧਿਕਾਰਤ ਸੂਤਰ ਦੱਸਦੇ ਹਨ ਕਿ ਉਸ ਨੇ ਉਸ ਸਮੇਂ ਹਿੰਦੁਸਤਾਨ ਵਿੱਚ ਦਾਖਲ ਹੋਣ ਲਈ ਛੰਬ ਦਾ ਰਸਤਾ ਅਪਣਾਇਆ ਸੀ। ਉਹ ਕੁੱਝ
ਸਮੇਂ ਲਈ ਜੰਮੂ ਦੇ ਕਿਸੇ ਜਾਣੂ ਕੋਲ ਰਿਹਾ ਅਤੇ ਸ੍ਰੀਨਗਰ ਚਲਿਆ ਗਿਆ। ਜੰਮੂ ਵਿਖੇ ਹੀ ਉਹ ਇੰਟੈਲੀਜੈਂਸ ਬਿਊਰੋ ਦੇ ਰਾਡਾਰ ਦੇ ਹੇਠ ਆ ਗਿਆ। ਉਸ ਸਮੇਂ ਇਸ
ਅਪਰੇਸ਼ਨ ਨੂੰ ਚਲਾਉਣ ਵਾਲਾ ਵਿਅਕਤੀ ਅਜੀਤ
ਡੋਬਾਲ ਸੀ, ਜੋ ਇੰਸਪੈਕਟਰ
ਜਨਰਲ ਪੁਲਿਸ ਸੀ ਤੇ ਇੰਟੈਲੀਜੈਂਸ ਬਿਊਰੋ (ਆਈ.ਬੀ.) ਵਿੱਚ ਕਸ਼ਮੀਰ ਡਵੀਜ਼ਨ
ਦਾ ਇੰਚਾਰਜ ਸੀ।
ਡੋਬਾਲ ਨੇ ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਕੇ.ਪੀ.ਐਸ. ਗਿੱਲ ਨੂੰ ਦਿੱਤੀ, ਜਿਸ ਨੇ ਇਹ ਜ਼ਿੰਮੇਵਾਰੀ
ਜਲੰਧਰ ਪੁਲਿਸ ਨੂੰ ਸੌਂਪੀ ਸੀ। ਪੰਜਾਬ ਪੁਲਿਸ ਦੇ ਸੁਪਰਡੈਂਟ ਪੁਲਿਸ ਪੱਧਰ ਦੇ ਅਧਿਕਾਰੀ ਨੇ ਆਈ.ਬੀ. ਨਾਲ ਤਾਲਮੇਲ ਕੀਤਾ ਸੀ।
ਵਧੀਕ
ਡੀ.ਜੀ.ਪੀ ਓਪੀ ਸ਼ਰਮਾ, ਜੋ ਪੰਜਾਬ
ਇੰਟੈਲੀਜੈਂਸ ਦੇ ਮੁੱਖੀ ਸਨ, ਨੇ ਬਾਅਦ ਵਿੱਚ ਉਸ ਨੂੰ ਅਪ੍ਰੇਸ਼ਨ ਤੋਂ ਬਾਹਰ ਰੱਖਣ ਦਾ ਵਿਰੋਧ ਕੀਤਾ ਸੀ। ‘ਅਪਰੇਸ਼ਨ ਪਰਮਾਰ’
ਡੋਵਾਲ ਅਤੇ ਗਿੱਲ ਦੁਆਰਾ ਕੀਤਾ ਗਿਆ ਸੀ।
ਗੁਰਾਇਆ
ਖੇਤਰ ਤੋਂ ਪਰਮਾਰ ਨੂੰ ਜਾਣਦਾ ਵਿਅਕਤੀ, ਜਿਸ ਦਾ ਉਪਨਾਮ ‘ਸਰਪੰਚ’ ਸੀ, ਆਈ.ਬੀ. ਦੇ ਸੰਪਰਕ
ਵਿੱਚ ਆਇਆ ਸੀ। ਇਹ ਆਦਮੀ ਪਰਮਾਰ ਨਾਲ ਚੰਡੀਗੜ੍ਹ ਦੇ ਇੱਕ ਵਿਅਕਤੀ ਦੁਆਰਾ ਸੰਪਰਕ ਕਰਦਾ ਸੀ, ਜਿਸ ਨੂੰ ‘ਪ੍ਰਫ਼ੈਸਰ’ ਵਜੋਂ ਜਾਣਿਆ ਜਾਂਦਾ ਹੈ। ਇਹ ਅਖੌਤੀ ਪ੍ਰੋਫ਼ੈਸਰ ਵੀ ਆਈ.ਬੀ.ਦੇ ਇੱਕ ਸੈੱਲ ਵਜੋਂ ਜਾਣਿਆ ਜਾਂਦਾ
ਸੀ। ਗੁਰਾਇਆ ਦਾ ਇਹੀ ਆਦਮੀ ਪੁਲਿਸ
ਮੁਕਾਬਲੇ ਤੋਂ ਪਹਿਲਾਂ ਪਰਮਾਰ ਦੇ ਸੰਪਰਕ ਵਿੱਚ ਸੀ।
ਪੰਜਾਬ
ਪੁਲਿਸ ਨੂੰ ਦੋ ਮਾਰੂਤੀ ਕਾਰਾਂ ਦੀ ਆਵਾਜਾਈ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਕਾਰਵਾਈ ਦੀ
ਜ਼ਿੰਮੇਵਾਰੀ ਉਪ ਪੁਲਿਸ ਕਪਤਾਨ (ਡੀ.ਐਸ.ਪੀ) ਅਤੇ ਉਸ ਖੇਤਰ ਦੇ ਥਾਣੇਦਾਰ ਨੂੰ ਸੌਂਪੀ ਗਈ ਸੀ। ਇਸ
ਪੁਲਿਸ ਪਾਰਟੀ ਵੱਲੋਂ ਦੋਵਾਂ ਕਾਰਾਂ ਨੂੰ ਰੋਕਿਆ ਗਿਆ।
ਵੇਰਵੇ
ਲੈਣ ਲਈ ਕੈਨੇਡੀਅਨ ਅਧਿਕਾਰੀਆਂ ਨੇ ਇਸ ਮੁਕਾਬਲੇ ਤੋਂ ਬਾਅਦ ਪੰਜਾਬ ਦਾ ਦੌਰਾ ਕੀਤਾ। ਫਿਰ
ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਅਧਿਕਾਰੀਆਂ ਨੇ ਇੱਕ ਹੋਰ ਫੇਰੀ 2007 ਵਿੱਚ ਮਾਰੀ ਸੀ ਕਿਉਂਕਿ ਕਨਿਸ਼ਕ ਧਮਾਕੇ ਦੀ ਜਾਂਚ ਪਰਮਾਰ
ਦੀ ਭੂਮਿਕਾ ’ਤੇ ਅੱਗੇ ਵਧੀ ਸੀ। ਇਸ ਦੌਰੇ ਦੌਰਾਨ ਹੀ ਕੈਨੇਡੀਅਨ ਅਧਿਕਾਰੀ ਡੀ.ਐਸ.ਪੀ ਨੂੰ ਮਿਲੇ
ਸਨ।
ਐਨਕਾਉਂਟਰ ਦਾ
ਸਰਕਾਰੀ ਵੇਰਵਾ
ਵੇਰਵੇ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ ਕੇ.ਪੀ.ਐਸ.
ਗਿੱਲ ਨੇ ਇੱਥੇ (ਜਲੰਧਰ) ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਲੌਰ ਸਬ-ਡਵੀਜ਼ਨ
ਦੇ ਪਿੰਡ ਕੰਗਰਿਆਈਆਂ ਵਿਖੇ ਤਾਇਨਾਤ ਨਾਕਾ ਪਾਰਟੀ ਨੇ ਅਕਾਲਪੁਰਾ ਤੋਂ ਆ ਰਹੀਆਂ
ਦੋ ਮਾਰੂਤੀ ਕਾਰਾਂ ਨੂੰ ਰੋਕਿਆ। ਕਾਰਾਂ ’ਚ ਸਵਾਰ ਲੋਕਾਂ ਨੇ ਬਚਣ ਦਾ ਕੋਈ ਰਸਤਾ ਨਾ ਦੇਖਦੇ ਹੋਏ ਨਾਕਾ ਪਾਰਟੀ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਨਾ ਸਿਰਫ਼ ਜਵਾਬੀ ਗੋਲੀਬਾਰੀ ਕੀਤੀ ਬਲਕਿ ਉਨ੍ਹਾਂ ਦਾ ਪਿੱਛਾ ਵੀ ਕੀਤਾ। ਕਾਰ ਸਵਾਰ ਕਾਰ
ਛੱਡ ਕੇ ਖੇਤਾਂ ਵੱਲ ਭੱਜੇ। ਪਰ ਪੁਲਿਸ ਨੇ ਭੱਜ ਰਹੇ ਤਿੰਨ ਸ਼ੱਕੀ
ਵਿਅਕਤੀਆਂ ਨੂੰ ਮਾਰ ਦਿੱਤਾ। ਬਾਕੀ ਤਿੰਨ ਸ਼ੱਕੀ ਖੇਤਾਂ ਵਿੱਚ ਲੁਕ ਗਏ। ਪਰ ਜਦੋਂ ਪੁਲਿਸ ਨੇ
ਖੇਤਾਂ ਨੂੰ ਘੇਰ ਲਿਆ ਅਤੇ ਗੋਲੀਬਾਰੀ ਕੀਤੀ ਤਾਂ ਲੁਕੇ ਹੋਏ ਸ਼ੱਕੀ ਲੋਕਾਂ ਨੇ ਵੀ ਗੋਲੀਬਾਰੀ
ਕੀਤੀ, ਜੋ ਦੋ ਘੰਟੇ ਤੱਕ ਜਾਰੀ ਰਹੀ।
ਗੋਲੀਬਾਰੀ ਰੁਕਣ ਦੇ ਤੁਰੰਤ ਬਾਅਦ ਪੁਲਿਸ ਨੇ ਤਲਾਸ਼ੀ
ਮੁਹਿੰਮ ਸ਼ੁਰੂ ਕੀਤੀ ਅਤੇ ਛੇ ਲਾਸ਼ਾਂ ਬਰਾਮਦ ਕੀਤੀਆਂ। ਤਿੰਨ ਸ਼ੱਕੀਆਂ ਦੀ ਪਛਾਣ ਪੰਜਾਬ ਵਿੱਚ ਖਾੜਕੂਵਾਦ ਦਾ ਮੁੱਢ ਬੰਨ੍ਹਣ ਵਾਲੇ ਤਲਵਿੰਦਰ ਸਿੰਘ ਪਰਮਾਰ ਅਤੇ ਦੋ ਪਾਕਿਸਤਾਨੀ ਨਾਗਰਿਕਾਂ ਹਬੀਬੁੱਲਾ ਖਾਨ ਅਤੇ
ਇੰਕਹਾਬ ਅਹਿਮਦ ਜ਼ਿਆ ਵਜੋਂ ਹੋਈ, ਜੋ ਲਾਹੌਰ ਦੇ
ਵਸਨੀਕ ਸਨ। ਇਸਲਾਮਿਕ ਰਿਪਬਲਿਕ ਆਫ਼ ਪਾਕਿਸਤਾਨ ਦੇ H-822669 ਅਤੇ E-090696
ਨੰਬਰ ਵਾਲੇ ਦੋ ਪਾਸਪੋਰਟ ਵੀ ਬਰਾਮਦ ਕੀਤੇ ਗਏ। ਪੁਲਿਸ ਨੇ ਇੱਕ ਆਲ-ਪਰਪਜ਼ ਮਸ਼ੀਨਗੰਨ, ਤਿੰਨ ਏਕੇ -47 ਅਸਾਲਟ ਰਾਈਫਲਾਂ, ਇੱਕ ਰਾਕੇਟ, ਇੱਕ ਰਾਕੇਟ ਲਾਂਚਰ, ਇੱਕ ਡਰੱਮ ਮੈਗਜ਼ੀਨ ਅਤੇ ਏ.ਕੇ.–47 ਰਾਈਫਲਾਂ ਦੇ ਪੰਜ
ਮੈਗਜ਼ੀਨ ਵੀ ਬਰਾਮਦ ਕੀਤੇ।6
ਗਿੱਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਪੁਲਿਸ
ਨੇ ਪੰਜਾਬ ਵਿੱਚ ਖਾੜਕੂਵਾਦ ਨੂੰ ਉਤਸਾਹਤ ਕਰਨ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਠੋਸ ਸਬੂਤ ਪ੍ਰਾਪਤ ਕੀਤੇ ਹਨ।
ਮੁਕਾਬਲੇ
ਵਿੱਚ ਮਾਰੇ ਗਏ ਦੋ ਹੋਰ ਵਿਅਕਤੀ ਬੈਲਜੀਅਮ ਦੇ ਸਿੱਖ ਕੱਟੜਪੰਥੀ ਸਨ ਅਤੇ ਉਨ੍ਹਾਂ ਨੂੰ ਦਿੱਲੀ
ਏਅਰਪੋਰਟ ’ਤੇ ਉਤਰਨ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਹਿਰਾਸਤ ਵਿੱਚ ਲੈ ਲਿਆ ਸੀ। ਉਹ ਪਹਿਲਾਂ
ਤਲਵਿੰਦਰ ਦੇ ਸੰਪਰਕ ਵਿੱਚ ਨਹੀਂ ਸਨ।
ਜ਼ਿਕਰਯੋਗ
ਹੈ ਕਿ ਇੱਕ ਹੋਰ ਵਿਅਕਤੀ ਜੋ ਪਰਮਾਰ ਦੇ ਨਾਲ ਕੈਨੇਡਾ ਤੋਂ ਆਇਆ ਸੀ, ਬਾਅਦ ਵਿੱਚ ਕੈਨੇਡਾ ਵਾਪਸ ਆ ਗਿਆ। ਜਦੋਂ ਪਰਮਾਰ ਬੱਬਰ
ਖ਼ਾਲਸਾ ਵਿੱਚ ਰਸਮੀ ਤੌਰ ’ਤੇ ਸ਼ਾਮਲ ਹੋਇਆ ਸੀ ਉਹ ਉਸ ਦੇ ਨਾਲ ਸ਼ਾਮਲ ਹੋਇਆ ਸੀ।
Comments
Post a Comment